ਮੀਂਹ ਨੇ ਧੋਤੀ ਤੀਜੇ ਦਿਨ ਦੀ ਖੇਡ

ਕੇਪਟਾਊਨ,
ਲਗਾਤਾਰ ਮੀਂਹ ਕਾਰਨ ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਇੱਥੇ ਖੇਡੇ ਜਾ ਰਹੇ ਪਹਿਲੇ ਕ੍ਰਿਕਟ ਟੈਸਟ ਦੇ ਤੀਜੇ ਦਿਨ ਦੀ ਖੇਡ ਅੱਜ ਨਹੀਂ ਹੋ ਸਕੀ।
ਐਤਵਾਰ ਨੂੰ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਸੀ ਜੋ ਸਵੇਰੇ ਸ਼ੁਰੂ ਹੋ ਗਈ। ਇਸ ਤੋਂ ਬਾਅਦ ਮੈਚ ਸ਼ੁਰੂ ਹੋਣ ਸਮੇਂ ਕਾਫੀ ਤੇਜ਼ ਹੋ ਗਈ। ਦੁਪਹਿਰ ਦੇ ਖਾਣੇ ਤੋਂ ਬਾਅਦ ਕੁਝ ਸਮੇਂ ਲਈ ਮੀਂਹ ਰੁਕਿਆ ਅਤੇ ਇਸੇ ਦੌਰਾਨ ਮੈਦਾਨ ਦੇ ਕਰਮਚਾਰੀਆਂ ਨੇ ਮੈਦਾਨ ਨੂੰ ਸੁਕਾਉਣ ਦੀ ਕੋਸ਼ਿਸ਼ ਕੀਤੀ। ਤਿੰਨ ਕਵਰ ਹਟਾ ਦਿੱਤੇ ਗਏ ਅਤੇ ਸੁਪਰ ਸੌਪਰ ਦੀ ਵੀ ਮਦਦ ਲਈ ਗਈ। ਇਸ ਮਗਰੋਂ ਮੀਂਹ ਮੁੜ ਸ਼ੁਰੂ ਹੋ ਗਿਆ ਤੇ ਸਾਰੀ ਮਿਹਨਤ ’ਤੇ ਪਾਣੀ ਫਿਰ ਗਿਆ। ਮੈਦਾਨ ਜਿੱਥੋਂ ਸੁਕਾਇਆ ਗਿਆ ਸੀ, ਉੱਥੇ ਫਿਰ ਪਾਣੀ ਭਰ ਗਿਆ।
ਦੁਪਹਿਰ ਦੇ ਖਾਣੇ ਮਗਰੋਂ ਭਾਰਤੀ ਟੀਮ ਵੀ ਮੈਦਾਨ ’ਤੇ ਪਹੁੰਚੀ। ਸਮੇਂ ਦੀ ਵਰਤੋਂ ਕਰਨ ਲਈ ਕੁਝ ਖਿਡਾਰੀ ਤੇ ਸਹਿਯੋਗੀ ਸਟਾਫ਼ ਨੇ ਇਨ ਡੌਰ ਨੈੱਟ ਦੀ ਵਰਤੋਂ ਕੀਤੀ। ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬਮਰਾ, ਸੰਜੈ ਬਾਂਗੜ ਤੇ ਭਰਤ ਅਰੁਣ ਨੂੰ ਮੈਦਾਨ ’ਤੇ ਦੇਖਿਆ ਗਿਆ। ਅੱਜ ਪੂਰਾ ਦਿਨ ਮੀਂਹ ਦੀ ਭੇਟ ਚੜ੍ਹਨ ਦੇ ਬਾਵਜੂਦ ਮੈਚ ਦਾ ਨਤੀਜਾ ਨਿਕਲਣ ਦੀ ਉਮੀਦ ਹੈ ਕਿਉਂਕਿ ਅਜੇ ਵੀ ਦੋ ਦਿਨ ਦੀ ਖੇਡ ਬਾਕੀ ਹੈ।
ਦੱਖਣੀ ਅਫਰੀਕਾ ਦੀ ਟੀਮ ਪਹਿਲੀ ਪਾਰੀ ’ਚ ਭੁਵਨੇਸ਼ਵਰ ਕੁਮਾਰ (87 ਦੌੜਾਂ ’ਤੇ ਚਾਰ ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਦੇ ਸਾਹਮਣੇ 286 ਦੌੜਾਂ ਹੀ ਬਣਾ ਸਕੀ ਸੀ, ਪਰ ਉਸ ਨੇ ਭਾਰਤ ਨੂੰ 209 ਦੌੜਾਂ ’ਤੇ ਹੀ ਸਮੇਟ ਕੇ 77 ਦੌੜਾਂ ਦੀ ਲੀਡ ਹਾਸਲ ਕਰ ਲਈ ਸੀ। ਭਾਰਤ ਵੱਲੋਂ ਹਾਰਦਿਕ ਪਾਂਡਿਆ ਨੇ ਸਭ ਤੋਂ ਵੱਧ 93 ਦੌੜਾਂ ਬਣਾਈਆਂ। ਮੇਜ਼ਬਾਨ ਟੀਮ ਨੇ ਇਸ ਤੋਂ ਬਾਅਦ ਦੂਜੀ ਪਾਰੀ ’ਚ ਦੋ ਵਿਕਟਾਂ ’ਤੇ 65 ਦੌੜਾਂ ਬਣਾ ਕੇ ਆਪਣੀ ਕੁੱਲ ਲੀਡ ਨੂੰ 142 ਦੌੜਾਂ ਤੱਕ ਪਹੁੰਚਾ ਲਿਆ ਹੈ।
ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਡੇਲ ਸਟੇਨ ਆਪਣੀ ਖੱਬੀ ਅੱਡੀ ਦੀ ਸੱਟ ਕਾਰਨ ਭਾਰਤ ਖ਼ਿਲਾਫ਼ ਚੱਲ ਰਹੇ ਪਹਿਲੇ ਟੈਸਟ ਕ੍ਰਿਕਟ ਮੈਚ ਤੋਂ ਬਾਹਰ ਹੋ ਗਿਆ ਹੈ ਅਤੇ ਹੁਣ ਉਸ ਦਾ ਸੀਰੀਜ਼ ’ਚ ਖੇਡਣਾ ਸ਼ੱਕੀ ਮੰਨਿਆ ਜਾ ਰਿਹਾ ਹੈ। ਸਟੇਨ ਨੇ ਪਹਿਲੇ ਕ੍ਰਿਕਟ ਟੈਸਟ ਮੈਚ ਦੇ ਦੂਜੇ ਦਿਨ ਸ਼ਨਿੱਚਰਵਾਰ ਨੂੰ ਚਾਹ ਦੇ ਸਮੇਂ ਤੋਂ ਤਿੰਨ ਗੇਂਦਾਂ ਪਹਿਲਾਂ ਜ਼ਖ਼ਮੀ ਹੋ ਗਿਆ ਸੀ। ਉਹ ਅਪਣੇ 18ਵੇਂ ਓਵਰ ਦੀ ਗੇਂਦ ਸੁੱਟਣ ਜਾ ਰਿਹਾ ਸੀ ਕਿ ਅਚਾਨਕ ਰੁਕ ਗਿਆ ਤੇ ਹੇਠਾਂ ਬੈਠ ਗਿਆ। ਉਸ ਨੂੰ ਬਾਹਰ ਲਿਜਾਇਆ ਗਿਆ ਤੇ ਵਰਨੋਨ ਫਿਲੇਂਡਰ ਨੇ ਉਸ ਦਾ ਓਵਰ ਪੂਰਾ ਕੀਤਾ। ਸਕੈਨ ਮਗਰੋਂ ਪਤਾ ਲੱਗਾ ਕਿ ਸਟੇਨ ਦੀ ਅੱਡੀ ’ਤੇ ਸੱਟ ਵੱਜੀ ਹੈ, ਜਿਸ ਨੂੰ ਠੀਕ ਹੋਣ ਲਈ ਛੇ ਹਫ਼ਤਿਆਂ ਦਾ ਸਮਾਂ ਲੱਗੇਗਾ। ਸਟੇਨ ਨੇ ਤਕਰੀਬਨ 13 ਮਹੀਨੇ ਬਾਅਦ ਇਸ ਮੈਚ ਰਾਹੀਂ ਕ੍ਰਿਕਟ ’ਚ ਵਾਪਸੀ ਕੀਤੀ ਸੀ। ਇਸ ਤੋਂ ਪਹਿਲਾਂ ਨਵੰਬਰ 2015 ’ਚ ਪੱਟ ਦੀ ਸੱਟ ਕਾਰਨ 2016 ਦੇ ਪਹਿਲੇ ਸੱਤ ਹਫ਼ਤੇ ਉਸ ਨੂੰ ਕ੍ਰਿਕਟ ਤੋਂ ਦੂਰ ਰਹਿਣਾ ਪਿਆ ਸੀ। ਇਸ ਮਗਰੋਂ ਨਿਊਜ਼ੀਲੈਂਡ ਖ਼ਿਲਾਫ਼ ਘਰੇਲੂ ਸੀਰੀਜ਼ ’ਚ ਫਿਰ ਤੋਂ ਮੈਦਾਨ ’ਤੇ ਆਇਆ ਅਤੇ ਆਸਟਰੇਲੀਆ ਦਾ ਦੌਰਾ ਕੀਤਾ, ਜਿੱਥੇ ਪਰਥ ਟੈਸਟ ਦੇ ਦੂਜੇ ਦਿਨ ਮੋਢੇ ਦੀ ਸੱਟ ਵੱਜ ਗਈ।

Share this article

About author

Punjab Headlines

Email This email address is being protected from spambots. You need JavaScript enabled to view it.

29861 comments

Leave a comment

Make sure you enter all the required information, indicated by an asterisk (*). HTML code is not allowed.

Top